ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ)
_____________
ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਬਚਨ ਅਨੁਸਾਰ ਬੇ-ਸਹਾਰਾ ਵਿਧਵਾ ਬੀਬੀਆਂ ਦੇ ਪਰਿਵਾਰਾਂ ਦੀ ਲੋੜੀਂਦਾ ਰਾਸ਼ਨ ਦੁਆਰਾ ਮਦਦ ਕਰਨ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ (ਬੇਵਾ ਔਰਤਾਂ ), ਗਿਲਵਾਲੀ ਗੇਟ ਸ੍ਰੀ ਅੰਮ੍ਰਿਤਸਰ ਵਿਖੇ 31 ਜੁਲਾਈ 1983 ਨੂੰ ਆਰੰਭ ਕੀਤਾ ਗਿਆ ਸੀ। ਬਾਬਾ ਕੁੰਦਨ ਸਿੰਘ ਜੀ ਨਾਨਕਸਰ ਵਾਲੇ ਸਤਿਪੁਰਸ਼ਾਂ ਨੇ ਆਪ ਅਸੀਸ ਬਖ਼ਸ਼ੀ ਅਤੇ ਭਾਈ ਸਾਹਿਬ ਜੀ ਦੇ ਉੱਦਮ ਸਦਕਾ ਇਸ ਭਲਾਈ ਕੇਂਦਰ ਵਿਖੇ ਜਿੱਥੇ 25 ਪਰਿਵਾਰਾਂ ਨੂੰ ਰਾਸ਼ਨ ਦੇਣ ਦੀ ਸ਼ੁਰੂਆਤ ਹੋਈ ਉੱਥੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ 200, 400, 600, 800 ਪਰਿਵਾਰ ਅਤੇ ਇਸ ਸਮੇਂ 2500 ਵਿਧਵਾ ਬੀਬੀਆਂ ਦੇ ਪਰਿਵਾਰ ਹਰ ਮਹੀਨੇ ਮੁਫਤ ਰਾਸ਼ਨ ਪ੍ਰਾਪਤ ਕਰਦੇ ਹਨ । ਇਹ ਸਾਰੇ ਪਰਿਵਾਰ ਰਹਿੰਦੇ ਆਪਣੇ ਘਰਾਂ ਵਿੱਚ ਹੀ ਹਨ ।
ਰਾਸ਼ਨ ਤੋਂ ਇਲਾਵਾ ਬੀਬੀ ਕੌਲਾਂ ਜੀ ਭਲਾਈ – ਕੇਂਦਰ ਟਰੱਸਟ ਵੱਲੋਂ ਇੰਨ੍ਹਾਂ ਬੇਵਾ ਔਰਤਾਂ ਦੇ ਬੱਚਿਆਂ ਨੂੰ ਪੜ੍ਹਨ ਵਾਸਤੇ ਕਾਪੀਆਂ-ਕਿਤਾਬਾ ਦੀ ਸਹਾਇਤਾ , ਬੀਬੀਆਂ ਨੂੰ ਸਿਲਾਈ ਮਸ਼ੀਨਾਂ, ਸੂਟ, ਰਜ਼ਾਈਆਂ-ਤਲਾਈਆਂ, ਰਸੋਈ ਦਾ ਸਮਾਨ, ਰੈਬਰ ਕੂਲਰ ਅਤੇ ਸਮੇਂ-ਸਮੇਂ ਅਨੁਸਾਰ ਹੋਰ ਵੀ ਘਰੇਲੂ ਵਸਤੂਆਂ ਦੀ ਮਦਦ ਵੀ ਦਿੱਤੀ ਜਾਂਦੀ ਹੈ ਜੋ ਕਿ ਆਪ ਸੰਗਤਾਂ ਦੇ ਸਹਿਯੋਗ ਨਾਲ ਹੀ ਹੋ ਰਹੀ ਹੈ ।
ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਨੇ 1994 ਨੂੰ ਇਸ ਕੇਂਦਰ ਦੀ ਇਕ ਹੋਰ ਬਰਾਂਚ ਬੀਬੀ ਭਾਨੀ ਜੀ ਭਲਾਈ ਕੇਂਦਰ (ਬੇਵਾ ਔਰਤਾਂ) ਦੇ ਰੂਪ ਵਿੱਚ ਹਰਨਾਮ ਨਗਰ , ਮਾਡਲ ਟਾਊਨ ਲੁਧਿਆਣਾ ਵਿਖੇ ਖੋਲੀ । ਜਿਸ ਦੀ ਸੇਵਾ ਭਾਈ ਹਰਭਜਨ ਸਿੰਘ ਜੀ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਨਿਭਾ ਰਹੇ ਹਨ ।
ਹੁਣ ਲੁਧਿਆਣੇ ਤੋਂ ਬਾਅਦ ਮੇਰਠ, ਅਹਿਮਦਾਬਾਦ, ਨਾਸਿਕ, ਫਰੀਦਾਬਾਦ, ਸੂਰਤ, ਚੰਡੀਗੜ੍ਹ, ਜਲੰਧਰ, ਜੰਡਿਆਲਾ ਗੁਰੂ, ਪਟਿਆਲਾ, ਗਵਾਲੀਅਰ, ਹੁਸ਼ਿਆਰਪੁਰ, ਤਿਲਕ ਨਗਰ ਦਿੱਲੀ, ਯਮੁਨਾਂ ਪਾਰ ਦਿੱਲੀ, ਨਤੰਨਵਾ, ਅਮਰੀਕਾ ਆਦਿ ਕੁੱਲ 21 ਸ਼ਹਿਰਾਂ ਵਿੱਚ ਵਿਧਵਾ ਬੀਬੀਆਂ ਦੇ ਭਲਾਈ ਕੇਂਦਰ ਚੱਲ ਰਹੇ ਹਨ । ਇੰਨਾਂ ਕੇਂਦਰਾਂ ਵਿੱਚ ਕਿਸੇ ਨਾਲ ਕੋਈ ਜਾਤ-ਪਾਤ ਦਾ ਵਿਤਕਰਾ ਨਹੀਂ ਕੀਤਾ ਜਾਂਦਾ “ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ” ਦੇ ਮਹਾਂਵਾਕ ਅਨੁਸਾਰ ਹਰ ਧਰਮ , ਹਰ ਜਾਤੀ, ਹਰ ਵਰਗ ਇੱਥੋ ਸਹੂਲਤਾਂ ਪ੍ਰਾਪਤ ਕਰ ਸਕਦਾ ਹੈ ।
ਜਿਵੇ ਮੇਰਠ, ਨਤੰਨਵਾ ਆਦਿ ਸ਼ਹਿਰਾਂ ਵਿੱਚ ਮੁਸਲਮਾਨ ਭਾਈਚਾਰੇ ਦੀਆਂ ਬੀਬੀਆਂ ਬੁਰਕਾ ਪਾ ਕੇ ਰਾਸ਼ਨ ਲੈਣ ਆਉਂਦੀਆਂ ਹਨ , ਇਸੇ ਤਰ੍ਹਾਂ ਅਹਿਮਦਾਬਾਦ ਵਿੱਚ ਗੁਜਰਾਤੀ ਬੀਬੀਆਂ ਸਾੜੀ ਪਹਿਨ ਕੇ ਆਪਣੇ ਪਹਿਰਾਵੇ ਵਿੱਚ ਰਾਸ਼ਨ ਪ੍ਰਾਪਤ ਕਰਨ ਵਾਸਤੇ ਆਉਂਦੀਆਂ ਹਨ । ਕੋਈ ਸਿਫਾਰਸ਼ੀ ਕੇਸ ਨਹੀਂ ਲਗਾਏ ਜਾਂਦੇ ।
ਸ਼ੁਰੂਆਤ ਵਿੱਚ ਸਹਾਇਤਾ ਫਾਰਮ ਭਰੇ ਜਾਂਦੇ ਹਨ । ਇਸ ਫਾਰਮ ਦੀ ਪ੍ਰਾਪਤੀ ਤੋਂ ਬਾਅਦ ਸਭਾ ਵੱਲੋਂ ਕੋਈ ਸੇਵਾਦਾਰ ਪੜਤਾਲ ਕਰਨ ਜਾਂਦਾ ਹੈ । ਪੂਰੀ ਪੜਤਾਲ (ਜਿਵੇਂ ਕਿ ਬੱਚੇ ਬਹੁਤ ਛੋਟੇ ਹਨ ਅਤੇ ਕੋਈ ਆਰਥਿਕ ਸਹਾਇਤਾ ਨਹੀਂ ਹੈ ਇਤਿਆਦਿਕ) ਹੋਣ ਤੋਂ ਬਾਅਦ ਉਸ ਲੋੜ੍ਹਵੰਦ ਬੀਬੀ ਨੂੰ ਮੰਨਜ਼ੂਰੀ ਫਾਰਮ ਦਿੱਤਾ ਜਾਂਦਾ ਹੈ, ਮੰਨਜ਼ੂਰੀ ਫਾਰਮ ਤੋਂ ਬਾਅਦ ਬਕਾਇਦਾ ਰਾਸ਼ਨ ਕਾਰਡ ਬਣਾ ਕੇ ਰਾਸ਼ਨ ਦਿੱਤਾ ਜਾਂਦਾ ਹੈ।
ਇਸ ਤੋਂ ਇਲਾਵਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਹਰ ਸਾਲ 2 ਅਕਤੂਬਰ ਵਾਲੇ ਦਿਨ ਸਾਲਾਨਾ ਸਮਾਗਮ ਮਨਾਇਆ ਜਾਂਦਾ ਹੈ। ਜਿਸ ਵਿੱਚ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ਼ (ਵਿਆਹ) ਅਤੇ ਹੋਰ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਹਨਾਂ ਵਿਆਹਵਾਂ ਵਿੱਚ ਘਰੇਲੂ ਲੋੜੀਦਾ ਸਾਮਾਨ ਜਿਵੇ : 125 ਲੀਟਰ ਫਰਿਜ, ਲੋਹੇ ਦੀ ਪੇਟੀ, ਫੋਲਡਿੰਗ ਬੈਡ, ਰਜ਼ਾਈਆਂ, ਤਲਾਈਆਂ, ਸਿਰਹਾਣੇ, ਕੰਬਲ, ਲੇਡੀਜ਼ ਸੂਟ, ਕੁਰਸੀਆਂ, ਮੇਜ ਆਦਿ ਹੋਰ ਬੇਅੰਤ ਘਰ ਦਾ ਸਮਾਨ ਦਿੱਤਾ ਜਾਂਦਾ ਹੈ । ਜਿਹੜੇ ਪਰਿਵਾਰ ਬੱਚੀਆਂ ਦੇ ਵਿਆਹ ਕਰਵਾਉਣਾ ਚਾਹੁੰਦੇ ਹਨ ਉਹ ਹਰ ਸਾਲ 2 ਅਕਤੂਬਰ ਤੋ ਇੱਕ ਮਹੀਨਾਂ ਪਹਿਲਾਂ ਸੰਪਰਕ ਕਰ ਸਕਦੇ ਹਨ। (98765-25815)
ਨੋਟ : ਵਿਆਹ ਵਾਲਾ ਬੱਚਾ–ਬੱਚੀ ਸਾਬਤ ਸੂਰਤ ਹੋਣੇ ਜ਼ਰੂਰੀ ਹਨ ਜੀ।
Upcoming Smagam
ਟਰੱਸਟ ਵੱਲੋਂ ਚੱਲ ਰਹੀਆਂ ਸੇਵਾਵਾਂ
____________
1. ਬੀਬੀ ਕੌਲਾਂ ਜੀ ਭਲਾਈ ਕੇਂਦਰ(ਬੇਵਾ ਔਰਤਾਂ)21 ਸ਼ਹਿਰਾਂ ਵਿੱਚ
2. ਬੀਬੀ ਕੌਲਾਂ ਜੀ ਫ੍ਰੀ ਕੰਪਿਊਟਰ ਸੈਂਟਰ
3. ਬੀਬੀ ਕੌਲਾਂ ਜੀ ਫ੍ਰੀ ਸਲਾਈ ਕਢਾਈ ਸੈਂਟਰ
4. ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ 1-2)
5. ਦਾਤਾ ਬੰਧੀ ਛੋੜ੍ਹ ਪਬਲਿਕ ਸਕੂਲ (ਬ੍ਰਾਂਚ-3)
6. ਬੀਬੀ ਕੌਲਾਂ ਜੀ ਸੰਗਤ ਨਿਵਾਸ ਸਰ੍ਹਾਂ
7. ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ (ਨਵੀਂ ਸਰ੍ਹਾਂ 1700 ਗਜ ਵਿੱਚ)
8. ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ
9. ਬਾਬਾ ਦੀਪ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਚੈਰੀਟੇਬਲ ਹਸਪਤਾਲ
ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਹੱਥ ਲਿਖਤ 9 ਕਿਤਾਬਾਂ
_____________
1. ਮੈਂ ਦਸਿਹੁ ਮਾਰਗੁ ਸੰਤਹੋ
2. ਸ੍ਰੀ ਸੁਖਮਨੀ ਸਾਹਿਬ ਜੀ ਦੀਆਂ ਨੌਂ ਵਿਸ਼ੇਸ਼ਤਾਈਆਂ
3. ਸ਼ਰਧਾ ਦੀਆਂ ਗਿਆਰਾਂ ਨਿਸ਼ਾਨੀਆਂ
4. ਜੀਵਨ ਸੇਧਾਂ ਭਾਗ-1
5. ਜੀਵਨ ਸੇਧਾਂ ਭਾਗ-2
6. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ ਪੰਦਰਾਂ ਕਲਾਸਾਂ
7. ਸਿਮਰਨ ਦੀਆਂ ਨੌਂ ਅਵਸਥਾ
8. ਅਰਦਾਸ ਕਰਨ ਦੀਆਂ 13 ਜੁਗਤੀਆਂ
9. ਵਿਰਲੇ ਕੇਈ ਕੇਇ