ਬੀਬੀ ਕੌਲਾਂ ਜੀ ਗੁਰਬਾਣੀ ਸੇਵਾ ਪ੍ਰਚਾਰ ਮਿਸ਼ਨ

 

ਦੀਨ ਦੁਨੀਆਂ ਦੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਨਿਤਾਣਿਆ ਦੇ ਤਾਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਅਪਾਰ ਕਿਰਪਾ ਅਤੇ ਪੂਰਨ ਮਹਾਂਪੁਰਸ਼ ਬਾਬਾ ਕੁੰਦਨ ਸਿੰਘ ਜੀ ‘ਨਾਨਕਸਰ ਕਲੇਰਾਂ’ ਵਾਲਿਆਂ ਦੀ ਪ੍ਰੇਰਨਾਂ ਅਤੇ ਅਸੀਸਾ ਸਦਕਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਵਿਖੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ , ਭਾਈ ਗੁਰਇਕਬਾਲ ਸਿੰਘ ਜੀ ਅਤੇ ਸਹਿਯੋਗੀਆਂ ਵੱਲੋਂ ਚਵਰ ਤਖ਼ਤ ਦੇ ਮਾਲਕ ਦਸ ਪਾਤਸ਼ਾਹੀਆਂ ਜੀ  ਦੇ ਪਾਵਨ ਸਰੂਪ, ਸਾਹਿਬ-ਏ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੇਠਾਂ ਇੱਕ ਸਤਿਕਾਰ ਕਮੇਟੀ ਬਣਾਈ ਗਈ । ਇਸ ਕਮੇਟੀ ਕੋਲੋਂ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਸੰਗਤਾਂ ਦੇ ਘਰਾਂ ਵਿੱਚ ਪ੍ਰਕਾਸ਼ ਕਰਨ ਦੀ ਸੇਵਾ, ਬਾਹਰਲੇ ਅੰਗ ਜਿਵੇਂ-  ਜਿਲਦ ਦੀ ਸੇਵਾ ਅਤੇ ਬਿਰਧ ਸਰੂਪ ਸੰਗਤਾਂ ਦੇ ਘਰਾਂ ਵਿੱਚੋਂ ਲੈ ਕੇ ਆਉਣ ਦੀ ਸੇਵਾ ਸੌਪੀ ਗਈ ।ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਦਾ ਸਦਕਾ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਬਹੁਤ ਸਾਰੀਆਂ ਸੰਗਤਾਂ ਦੇ ਘਰਾਂ ਵਿੱਚ ਜਾਣ ਦਾ ਸਮਾਂ ਪ੍ਰਾਪਤ ਹੋਇਆ , ਜਿਸ ਨਾਲ ਤਕਰੀਬਨ ਕਈ ਘਰਾਂ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਸਹੀ ਢੰਗ ਨਾਲ ਨਾਂ ਬਣੇ ਹੋਣ ਕਰਕੇ ਅਤੇ ਗੁਰੂ ਸਾਹਿਬ ਜੀ ਦਾ ਸਤਿਕਾਰ ਨਾ ਹੋਣ ਕਰਕੇ ਸਾਧ ਸੰਗਤਾਂ ਨੂੰ ਬੇਨਤੀ ਕੀਤੀ ਗਈ ਕਿ ਜੇਕਰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਘਰ ਵਿੱਚ ਕਰਨਾ ਹੈ  ਤਾਂ ਵੱਖਰੇ ਸੁੰਦਰ ਅਤੇ ਹਵਾਦਾਰ ਕਮਰੇ ਵਿੱਚ ਕੀਤਾ ਜਾਵੇ । ਜਿਸ ਕਰਕੇ ਪਿਆਰ ਵਾਲੀਆਂ ਬਹੁਤ ਸੰਗਤਾਂ ਨੇ ਸਤਿਕਾਰ ਕਮੇਟੀ ਦੇ ਮੈਂਬਰਾਂ ਪਾਸੋਂ ਗੁਰੂ ਸਾਹਿਬ ਜੀ ਦੇ ਅਦਬ ਸਤਿਕਾਰ ਵਾਲੇ ਕਮਰਿਆਂ ਦੀ ਤਿਆਰੀ ਕਰਵਾਈ । ਸਾਧ ਸੰਗਤ ਜੀ , ਹੁਣ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਤੁਸੀਂ ਸਤਿਕਾਰ ਕਮੇਟੀ ਪਾਸੋਂ ਸੁੰਦਰ ਰੁਮਾਲੇ, ਚੋਲੀ ਸਾਹਿਬ, ਚੰਦੋਆਂ ਸਾਹਿਬ, ਸਿਰਹਾਣੀਆਂ ਗੱਦੀਆਂ , ਪੀੜਾ ਸਾਹਿਬ ਆਦਿ ਸਾਰੇ ਬਸਤਰ ਨਿਸ਼ਕਾਮ ਰੂਪ ਵਿੱਚ ਪ੍ਰਾਪਤ ਕਰ ਸਕਦੇ ਹੋ । ਸਤਿਕਾਰ ਕਮੇਟੀ ਵੱਲੋਂ ਨਾ-ਵਰਤੋ ਵਿੱਚ ਆਉਣ ਵਾਲੇ ਧਾਰਮਿਕ ਸਮਾਨ ਨੂੰ ਯੋਗ ਤਰੀਕੇ ਨਾਲ ਸੇਵਾ ਵਿੱਚ ਪਾਉਣ ਦਾ ਇੱਕ ਹੋਰ ਉਪਰਾਲਾ ਕੀਤਾ ਗਿਆ । ਆਪ ਸਭ ਸੰਗਤਾਂ ਦੇ ਘਰਾਂ ਵਿੱਚ ਗੁਰਬਾਣੀ ਲਿਖੇ ਕਾਰਡ, ਗੁਰੂ ਸਾਹਿਬ ਜੀ ਦੀਆਂ ਫੋਟੋਆਂ , ਧਾਰਮਿਕ ਕੈਲੰਡਰ, ਜੰਤਰੀਆਂ, ਕੰਘਿਆਂ, ਵਿੱਚੋਂ ਨਿਕਲੇ ਹੋਏ ਕੇਸਾਂ ਆਦਿਕ ਦੀ ਬੇ-ਅਦਬੀ ਨਾ ਹੋਵੇ, ਇਸ ਲਈ ਸੰਸਥਾ ਵੱਲੋਂ ਇਕ ਧਾਰਮਿਕ ਥੈਲਾ (ਬੈਗ) ਤਿਆਰ ਕੀਤਾ ਗਿਆ ਤਾਂ ਜੋ ਆਪ ਉਪਰੋਕਤ ਲਿਖਿਆ ਹੋਇਆ ਨਾ ਵਰਤੋ ਵਿੱਚ ਆਉਣ ਵਾਲਾ ਸਾਰਾ ਧਾਰਮਿਕ ਸਮਾਨ ਉਸ ਥੈਲੇ ਵਿੱਚ ਪਾ ਸਕੋ।  ਜਦੋਂ ਇਹ ਥੈਲਾ ਭਰ ਜਾਵੇ ਤਾਂ ਇਸ ਥੇਲੇ ਵਿੱਚੋਂ ਸਾਰਾ ਧਾਰਮਿਕ ਸਮਾਨ ਕੱਢ ਕੇ ਇਸ ਸਤਿਕਾਰ ਕਮੇਟੀ ਨੂੰ ਦਿੱਤਾ ਜਾਂਦਾ ਹੈ ਤਾਂ ਜੋ ਇਸ ਸਮਾਨ ਨੂੰ ਮਰਯਾਦਾ ਅਨੁਸਾਰ ਅਗਨ ਭੇਟ ਕੀਤਾ ਜਾਵੇ। ਇਸ ਕਾਰਜ਼ ਲਈ ਦੋ ਭੱਠ ਸਾਹਿਬ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿੱਖੇ ਬਣਾਏ ਗਏ ਹਨ ਜੀ। ਇਹ ਧਾਰਮਿਕ ਥੈਲਾ (Bag) ਹਰ ਘਰ ਵਿੱਚ ਪਹੁੰਚਾਇਆ ਜਾ ਰਿਹਾ ਹੈ । ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਇੱਕ ਉਪਰਾਲਾ ਹੋਰ ਕੀਤਾ ਗਿਆ ਕਿ ਜਿੰਨ੍ਹਾਂ ਗੁਰਮੁੱਖ ਪਿਆਰਿਆਂ ਦੇ ਘਰ ਵਿੱਚ ਘੱਟ ਜਗਾ ਹੋਣ ਕਰਕੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਨਹੀਂ  ਹੈ, ਉਨ੍ਹਾਂ ਘਰਾਂ ਵਿੱਚ ਭਾਈ ਸਾਹਿਬ ਜੀ ਵੱਲੋਂ ਨਾਮ-ਅਭਿਆਸੀ ਕਮਰੇ ਬਣਵਾਏ ਗਏ ਹਨ।

Gallery