ਇਤਿਹਾਸ ਧੰਨ ਧੰਨ ਬੀਬੀ ਕੌਲਾਂ ਜੀ

___________

ਬੀਬੀ ਕੌਲਾਂ ਜੀ ਜਿਨ੍ਹਾਂ ਦੇ ਨਾਮ ਉੱਤੇ ਪਵਿੱਤਰ ਸਰੋਵਰ ਦਾ ਨਾਮ ਕੌਲਸਰ ਪ੍ਰਸਿੱਧ ਹੋਇਆ। ਆਪ ਜੀ ਲਾਹੌਰ (ਮੂਜੰਗ ਨਿਵਾਸੀ) ਕਾਜ਼ੀ ਰੁਸਤਮ ਖਾਨ ਦੀ ਪੁੱਤਰੀ ਸਨ। ਇਸੇ ਪਿੰਡ ਮੂਜੰਗ ਵਿੱਚ ਪੂਰਨ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਦਾ ਵੀ ਨਿਵਾਸ ਸੀ। ਬੀਬੀ ਕੌਲਾਂ ਜੀ ਨੂੰ ਸਾਈਂ ਮੀਆਂ ਮੀਰ ਜੀ ਦੀ ਸੰਗਤ ਕਰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜਿਸ ਦਾ ਸਦਕਾ ਆਪ ਜੀ ਨੂੰ ਗੁਰਬਾਣੀ ਨਾਲ ਅਥਾਹ ਪ੍ਰੇਮ ਹੋ ਗਿਆ। ਬੀਬੀ ਕੌਲਾਂ ਜੀ ਨੂੰ ਗੁਰਬਾਣੀ ਅਤੇ ਗੁਰੂ ਘਰ ਨਾਲ ਜੁੜਦਿਆਂ ਦੇਖ ਕੇ ਕਾਜ਼ੀ ਨੇ ਬਹੁਤ ਹਟਾਉਣ ਦਾ ਯਤਨ ਕੀਤਾ, ਪਰ ਬੀਬੀ ਜੀ ਦਾ ਸਿਦਕ ਤੇ ਭਰੋਸਾ ਅਡੋਲ ਰਿਹਾ। ਕੋਈ ਵਾਹ ਨਾ ਚਲਦਿਆ ਵੇਖ ਕੇ ਕਾਜ਼ੀ ਨੇ ਬੀਬੀ ਜੀ ਨੂੰ ਮੌਤ ਦਾ ਫਤਵਾ ਲਗਾ ਦਿੱਤਾ। ਜਦੋਂ ਸਾਈਂ ਮੀਆਂ ਮੀਰ ਜੀ ਨੂੰ ਇਹ ਖ਼ਬਰ ਪਹੁੰਚੀ ਤਾ ਉਹਨਾਂ ਨੇ ਬੀਬੀ ਕੌਲਾਂ ਜੀ ਨੂੰ ਆਪਣੇ ਚੇਲੇ ਅਬਦੁੱਲਾ ਸ਼ਾਹ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਭੇਜ ਦਿੱਤਾ। ਗੁਰੂ ਸਾਹਿਬ ਜੀ, ਸੰਗਤਾਂ ਅਤੇ ਬੀਬੀ ਜੀ ਸਮੇਤ ਲਾਹੌਰ ਤੋਂ ਮਾਧੋ  ਕਿ ਬਰਾੜ (ਗੁ: ਗੁਰੂਸਰ ਸਾਹਿਬ) ਤੋਂ ਹੁੰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ। ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਣ ਤੇ (ਕੌਲਸਰ ਸਾਹਿਬ) ਅਸਥਾਨ ਜਿਸ ਦਾ ਪੁਰਾਤਨ ਨਾਮ ਫੁੱਲਾਂ ਦੀ ਢਾਬ ਸੀ ਵਿਖੇ ਬੀਬੀ ਕੌਲਾਂ ਜੀ ਦਾ ਨਿਵਾਸ ਕਰਵਾਇਆ। ਇਸ ਅਸਥਾਨ ਤੇ ਬੀਬੀ ਕੌਲਾਂ ਜੀ ਨੇ ਆਪਣਾ ਸਾਰਾ ਜੀਵਨ ਸਿੱਖੀ ਅਸੂਲਾਂ ਅਨੁਸਾਰ ਨਾਮ ਅਭਿਆਸ ਅਤੇ ਸੇਵਾ ਕਰਦਿਆਂ ਬਿਤਾਇਆ। ਨਾਮ ਅਭਿਆਸ ਜਪ-ਤਪ ਸੇਵਾ ਕਰਦਿਆਂ ਹੋਇਆਂ ਬੀਬੀ ਕੌਲਾਂ ਜੀ ਨੇ ਇਕ ਵਾਰ ਦੁਨਿਆਵੀ ਪੁੱਤਰ ਦਾ ਸੰਕਲਪ ਕੀਤਾ। ਜਿਸ ਸੰਕਲਪ ਨੂੰ  ਗੁਰੂ ਸਾਹਿਬ ਜੀ ਨੇ ਖਤਮ ਕਰ ਕੇ ਇਹ ਵਰ ਦਿੱਤਾ ਕਿ ਬੀਬੀ ਕੌਲਾਂ ਜੀ, ਅਸੀਂ ਤੈਨੂੰ ਐਸਾ ਪੁੱਤਰ ਬਖਸ਼ਾਗੇ, ਜਿਸ ਨਾਲ ਤੇਰਾ ਨਾਮ ਜਗਤ ਵਿੱਚ ਅਮਰ ਰਹੇਗਾ। ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਕੌਲਸਰ ਦੇ ਸਾਹਮਣੇ ਸਰੋਵਰ ਦੀ ਸੇਵਾ ਦਾ ਕੰਮ ਸਪੁਰਦ ਕੀਤਾ ਤੇ ਬੀਬੀ ਜੀ ਨੂੰ ਆਖਿਆ, ਇਹ ਪਵਿੱਤਰ ਸਰੋਵਰ ਤੁਹਾਡੀ ਅਮਰ ਯਾਦਗਾਰ ਬਣੇਗਾ, ਤੁਸੀਂ ਇਸ ਨੂੰ ਆਪਣਾ ਪੁੱਤਰ ਸਮਝੋ।  ਕੌਲਸਰ ਸਰੋਵਰ 1624  ਈਸਵੀ ਤੋਂ 1627 ਈਸਵੀ ਤੱਕ ਬਾਬਾ ਬੁੱਢਾ ਜੀ ਨੇ ਆਪਣੀ ਨਿਗਰਾਨੀ ਹੇਠ ਤਿਆਰ ਕਰਵਾਇਆ ਤੇ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਪਹਿਲਾਂ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਆਗਿਆ ਕੀਤੀ।

ਧੰਨ ਧੰਨ ਬੀਬੀ ਕੌਲਾਂ ਜੀ