ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ

ਦੇ ਸਤਿਕਾਰਯੋਗ ਮਾਤਾ ਜੀ ਅਤੇ ਪਿਤਾ ਜੀ

 Biography Bhai Sahib Bhai Guriqbal Singh Ji

_______________

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਨਹੁ ਆਪੇ ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥

ਧੰਨ ਧੰਨ  ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਨੇ 22 ਅਪ੍ਰੈਲ 1959 ਈ: ਵਿੱਚ ਸ. ਪਿਸ਼ੋਰਾ ਸਿੰਘ ਜੀ ਅਤੇ ਮਾਤਾ ਅਤਰ ਕੌਰ ਜੀ ਦੇ ਗ੍ਰਹਿ ਵਿਖੇ ਜਨਮ ਲਿਆ। ਭਾਈ ਸਾਹਿਬ ਜੀ ਦੇ ਮਾਤਾ ਪਿਤਾ ਜੀ ਗੁਰਬਾਣੀ ਨਾਲ ਅਤੇ ਗੁਰੂ ਘਰ ਨਾਲ ਅਥਾਹ ਪ੍ਰੇਮ ਕਰਨ ਵਾਲੇ ਸਨ । ਭਾਈ ਸਾਹਿਬ ਜੀ ਆਪਣੇ ਮਾਤਾ ਪਿਤਾ ਜੀ ਦੇ ਸਭ ਤੋਂ ਛੋਟੇ ਸਪੁੱਤਰ ਹਨ । ਇਹਨ੍ਹਾਂ ਦੀਆਂ ਦੋ ਭੈਣਾ ਅਤੇ ਇਕ ਭਰਾ ਹੈ । ਮਾਤਾ ਪਿਤਾ ਜੀ ਵੱਲੋਂ ਘਰ ਵਿੱਚ ਗੁਰਸਿੱਖੀ ਵਾਲਾ ਮਾਹੋਲ ਰੱਖਣ ਕਰਕੇ ਹੀ ਭਾਈ ਸਾਹਿਬ ਜੀ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਈ । ਉਹਨਾ ਦੀ ਅਸੀਸ ਨੇ ਇਹ ਧਾਰਮਿਕ ਕੰਮਾਂ ਦੀ ਸੋਝੀ ਬਖਸ਼ੀ ਤੇ ਇਹ ਗੁਰੂ ਘਰ ਦੀ ਮਿਹਰ ਦੀ ਨਿਸ਼ਾਨੀ ਹੈ ਕਿ ਭਾਈ ਸਾਹਿਬ ਜੀ ਦੀਆਂ ਦੋਵੇਂ ਭੈਣਾ ਵੀ ਨਿਸ਼ਕਾਮ ਕੀਰਤਨ ਕਰਦੀਆਂ ਹਨ।

ਭਾਈ ਸਾਹਿਬ ਜੀ ਦਾ ਆਨੰਦ ਕਾਰਜ਼ ਸ੍ਰੀ ਅੰਮ੍ਰਿਤਸਰ ਨਿਵਾਸੀ ਸ. ਹਰਨਾਮ ਸਿੰਘ ਜੀ ਦੀ ਸਪੁੱਤਰੀ ਬੀਬੀ ਜਤਿੰਦਰ ਕੌਰ ਜੀ ਨਾਲ ਹੋਇਆ । ਭਾਈ ਸਾਹਿਬ ਜੀ ਆਪ ਹੱਥੀ ਕਿਰਤ ਕਰਕੇ ਆਪਣੇ ਗ੍ਰਹਿਸਥੀ ਨੂੰ ਅੱਜ ਤੱਕ ਨਿਭਾ ਰਹੇ ਹਨ । ਭਾਈ ਸਾਹਿਬ ਜੀ ਦੀਆਂ 2 ਬੱਚੀਆਂ ਅਤੇ ਇਕ ਬੇਟਾ ਹੈ । ਸੰਨ 1983 ਵਿੱਚ ਤਕਰੀਬਨ 9 ਕੁ ਮੈਂਬਰਾਂ ਨਾਲ ਭਾਈ ਸਾਹਿਬ ਜੀ ਸ਼ਬਦ ਕੀਰਤਨ ਦੀ ਸੇਵਾ ਘਰ-ਘਰ ਵਿੱਚ ਜਾ ਕੇ ਕਰਦੇ ਸਨ । ਭਾਈ ਸਾਹਿਬ ਜੀ ਦਾ ਸੁਭਾਅ ਮਿੱਠਾ, ਪਿਆਰ ਵਾਲਾ ਅਤੇ ਦਇਆ ਵਾਲਾ ਹੋਣ ਕਰਕੇ ਸੰਗਤ ਦਾ ਪਿਆਰ ਵੱਧਦਾ ਗਿਆ । ਭਾਈ ਸਾਹਿਬ ਜੀ ਨੂੰ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਪੂਰਨ ਮਹਾਂਪੁਰਸ਼ ਵੱਲੋਂ ਇਹ ਹੁਕਮ ਸੀ ਕਿ ਗੁਰੂ ਘਰ ਦੀ ਹਰ ਸੇਵਾ ਨਿਸ਼ਕਾਮ ਰੂਪ ਵਿੱਚ ਕੀਤੀ ਜਾਵੇ , ਸੋ ਭਾਈ ਸਾਹਿਬ ਜੀ ਨੂੰ ਮਹਾਂਪੁਰਸ਼ ਵੱਲੋਂ ਮਿਲੀਆਂ ਅਸੀਸਾਂ ਦਾ ਸਦਕਾ

ਘਰਿ ਘਰਿ ਅੰਦਰਿ ਧਰਮਸਾਲ, ਹੋਵੈ ਕੀਰਤਨ ਸਦਾ ਵਿਸੋਆ ॥

ਦੇ ਮਹਾਂਵਾਕਾਂ ਅਨੁਸਾਰ ਇਸ ਕੀਰਤਨ ਦੀ ਸ਼ੈਲੀ ਨੂੰ ਨਿਸ਼ਕਾਮ ਰੂਪ ਵਿੱਚ ਅਗਾਂਹ ਵਧਾਇਆ ਅਤੇ ਸੰਗਤ ਦੇ ਪਿਆਰ ਸਦਕਾ ਆ ਰਹੀ ਮਾਇਆ ਰੂਪੀ ਸੇਵਾ ਨੂੰ ਨਿਸ਼ਕਾਮ ਕਾਰਜ਼ਾਂ ਲਈ ਵਰਤਣਾ ਸ਼ੁਰੂ ਕੀਤਾ । ਭਾਈ ਸਾਹਿਬ ਜੀ ਦੇ ਇਸ ਉਧਮ ਦਾ ਸਦਕਾ ਗੁਰੂ ਘਰ ਦੇ ਕਈ ਗੁ: ਸਾਹਿਬ ਜੀ ਦੀ ਕਾਰ ਸੇਵਾ , ਹਸਪਤਾਲਾਂ ਦੀ ਸੇਵਾ, ਸਕੂਲਾਂ ਦੀ ਸੇਵਾ ਆਦਿ ਹੋ ਚੁਕੀਆਂ ਹਨ ਅਤੇ ਹੋਰ ਚੱਲ ਰਹੀਆਂ ਹਨ । ਚਲਦੀਆਂ ਸੇਵਾਵਾਂ ਵਾਸਤੇ ਭਾਈ ਸਾਹਿਬ ਜੀ ਨੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਨਾਮ ਦਾ ਇਕ ਟਰੱਸਟ ਬਣਾਇਆ , ਜਿਸ ਵਿੱਚ ਹੁਣ ਤੱਕ 21 ਸ਼ਹਿਰਾਂ ਵਿੱਚ ਤਕਰੀਬਨ 5500 ਵਿਧਵਾ ਬੀਬੀਆਂ ਹਰ ਮਹੀਨੇਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਹਨ ।

ਇਸ ਤੋਂ ਇਲਾਵਾ ਲੌੜਵੰਦ ਬੱਚੀਆਂ ਲਈ ਫ੍ਰੀ ਕੰਪਿਊਟਰ , ਫ੍ਰੀ ਸਿਲਾਈ-ਕਢਾਈ, ਗਰੀਬ ਲੌੜਵੰਦ ਮਰੀਜਾਂ ਲਈ ਹਸਪਤਾਲ ਖੋਲਣਾ ਆਦਿ ਸੇਵਾਵਾਂ ਸ਼ਾਮਿਲ ਹਨ। ਬਾਹਰੋਂ ਆਈਆਂ ਸੰਗਤਾਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਨਗਰੀ ਵਿਖੇ ਠਹਿਰਣ ਵਾਸਤੇ 4 ਸਰਾਵਾਂ ਬਣਾਈਆਂ  ਗਈਆਂ , ਜਿੰਨ੍ਹਾਂ ਵਿੱਚੋਂ 2 ਸਰਾਵਾਂ ਸੇਵਾ ਕਰ ਰਹੀਆਂ ਹਨ ਅਤੇ 2 ਹੋਰ ਉਸਾਰੀ ਅਧੀਨ ਹਨ ਅਤੇ ਹੋਰ ਕਈ ਸੇਵਾਵਾਂ ਗੁਰੂ ਸਾਹਿਬ ਜੀ ਕ੍ਰਿਪਾ ਕਰਕੇ ਲੈ ਰਹੇ ਹਨ । ਇਸ ਤੋਂ ਇਲਾਵਾ ਤਿੰਨ ਸਕੂਲਾਂ ਦੀ ਅਤੇ ਤਿੰਨ ਹਸਪਤਾਲਾਂ ਦੀ ਸੇਵਾ ਵੀ ਸਤਿਗੁਰ ਜੀ ਸਿਰ ਤੇ ਹੱਥ ਰੱਖ ਕੇ ਲੈ ਰਹੇ ਹਨ।

ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਜੀ ਦੀ ਝੋਲੀ ਸਿਰਫ ਕੀਰਤਨ ਨਿਰਮੋਲਕ ਹੀਰਾ ਦੇ ਨਾਲ ਹੀ ਨਹੀਂ ਸਗੋਂ ਉਹਨ੍ਹਾਂ ਨੂੰ ਉੱਚ ਕੋਟੀ ਦੇ ਲਿਖਾਰੀ ਹੋਣ ਦਾ ਮਾਣ ਵੀ ਬਖ਼ਸ਼ਿਆ ਹੈ ਹੁਣ ਤੱਕ ਭਾਈ ਸਾਹਿਬ ਜੀ ਦੀ ਕਲਮ ਤੋਂ ਗੁਰੂ ਸਾਹਿਬ ਜੀ ਨੇ ਸੱਤ ਧਾਰਮਿਕ ਕਿਤਾਬਾਂ ਲਿਖਣ ਦੀ ਵੀ ਸੇਵਾ ਲਈ ਹੈ ।