ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੀ ਸ਼ੁਰੂਆਤ ਗੁਰਮਤਿ ਸਤਿਸੰਗ ਸਭਾ ਧੰਨ ਧੰਨ ਬੀਬੀ ਕੌਲਾਂ ਜੀ ਤੋਂ ਹੋਈ , ਜੋ ਅੱਜ ਤੋਂ ਤਕਰੀਬਨ 34 ਸਾਲ ਪਹਿਲਾਂ ਸੰਨ 1983 ਵਿੱਚ 9 ਕੁ ਗੁਰਮੁੱਖ ਪਿਆਰਿਆਂ ਤੋਂ ਹੋਂਦ ਵਿੱਚ ਆਈ ।  ਗੁਰਮਤਿ ਸਤਿਸੰਗ ਸਭਾ ਧੰਨ ਧੰਨ ਬੀਬੀ ਕੌਲ਼ਾਂ ਜੀ ਵੱਲੋਂ ਹਰ ਹਫਤੇ ਕਿਸੇ ਮੈਂਬਰ ਦੇ ਗ੍ਰਹਿ ਵਿੱਖੇ ਕੀਰਤਨ ਸਮਾਗਮ ਰੱਖਣਾ । ਸਾਜ਼ ਸਾਈਕਲ ‘ਤੇ ਲੈ ਕੇ ਜਾਣਾ , ਘਰਾਂ ‘ਚ ਸ੍ਰੀ ਅਖੰਡ ਪਾਠ ਸਾਹਿਬ, ਸਹਿਜ ਪਾਠ , ਸੁਖਮਨੀ ਸਾਹਿਬ ਜੀ , ਸ੍ਰੀ ਜਪੁਜੀ ਸਾਹਿਬ ਜੀ , ਵਾਹਿਗੁਰੂ ਗੁਰਮੰਤਰ ਦੀਆਂ ਲੜੀਆਂ ਅਰੰਭ ਕਰਨੀਆਂ ।

ਇੰਨ੍ਹਾਂ ਕਾਰਜ਼ਾ ਵਿੱਚ ਸੰਗਤਾਂ ਆਪਣੇ ਘਰਾਂ ਵਿੱਚੋਂ ਪ੍ਰਸ਼ਾਦੇ ਤਿਆਰ ਕਰਕੇ ਲਿਆਉਦੀਆਂ ਫਿਰ ਭੋਗ ਉਪਰੰਤ ਪੰਗਤ ਵਿੱਚ ਉਹੀ ਪ੍ਰਸ਼ਾਦੇ ਵਰਤਾਏ ਜਾਂਦੇ ਇਹਨਾਂ ਸਾਰੇ ਸਮਾਗਮਾਂ ਵਿੱਚ ਭਾਈ ਗੁਰਇਕਬਾਲ ਸਿੰਘ ਜੀ ਆਪ ਹਾਜ਼ਰੀ ਭਰਦੇ ਸਨ। ਜਿਵੇਂ-ਜਿਵੇਂ ਸੰਗਤਾਂ ਦਾ ਇਕੱਠ ਵੱਧਦਾ ਗਿਆ , ਕੀਰਤਨ ਦੇ ਸਤਿਕਾਰ ਵਜੋਂ ਮਾਇਆ ਆਉਣੀ ਅਰੰਭ ਹੋਈ । ਪੂਰਨ ਮਹਾਂਪੁਰਸ਼ ਬਾਬਾ ਕੁੰਦਨ ਸਿੰਘ ਜੀ ‘ਨਾਨਕਸਰ ਕਲੇਰਾ ਵਾਲਿਆਂ’ ਦੀ ਪ੍ਰੇਰਨਾਂ ਸਦਕਾ ਭਾਈ ਸਾਹਿਬ ਜੀ ਦਾ ਇਸ ਕੀਰਤਨ ਦੀ ਸ਼ੈਲੀ ਨੂੰ ਨਿਸ਼ਕਾਮ ਰੂਪ ਵਿੱਚ ਰੱਖਣ ਵਾਸਤੇ ਇਹ ਸਵਾਲ ਪੈਦਾ ਹੋਇਆ ਕਿ ਇਸ ਕੀਰਤਨ ਤੋਂ ਆਈ ਮਾਇਆ ਰੂਪੀ ਸੇਵਾ ਨੂੰ ਕਿੱਥੇ ਖਰਚ ਕੀਤਾ ਜਾਵੇ ?ਭਾਈ ਸਾਹਿਬ ਜੀ ਨੇ ਆਪਣੇ ਸਾਥੀਆਂ ਨਾਲ ਵਿਚਾਰ ਕੀਤੀ ਕਿ ਇਹ ਸੰਗਤਾਂ ਵੱਲੋਂ ਦਿੱਤੀ ਮਾਇਆ ਨੂੰ ਐਸੀ ਜਗ੍ਹਾ ਵਰਤੀਏ ਕਿ ਸਤਿਗੁਰੂ ਜੀ ਦੀ ਪ੍ਰਸੰਨਤਾ ਮਿਲੇ। ਜਿਸ ਕਰਕੇ ਗੁਰੂ ਸਾਹਿਬ ਜੀ ਨੇ ਬੇਵਾ ਔਰਤਾਂ ਦੀ ਭਲਾਈ ਵਾਸਤੇ ਕਾਰਜ਼ ਕਰਨ ਦੀ ਸੋਝੀ ਬਖ਼ਸ਼ੀ ਅਤੇ ਬੀਬੀ ਕੌਲ਼ਾਂ ਜੀ ਭਲਾਈ ਕੇਂਦਰ ਟਰੱਸਟ (ਬੇਵਾ ਔਰਤਾਂ ) ਹੋਂਦ ਵਿੱਚ ਆਇਆ ।